Pyar ibadat

Pyar ibadat

Share

ibadat
shayri�
POEMS�
Rbb d gll
dil d gll�

02/03/2025

ਨਹੀਂ ਆ ਬਾਤ ਕੋਈ ਜਾਤ ਕੋਈ ਰਾਤ ਕੋਈ ਆਸ਼ਕਾਂ ਦੀ
ਨਹੀਂ ਆ ਵਾਤ ਕੋਈ ਚਾਹਤ ਕੋਈ ਆਹਟ ਕੋਈ ਆਸ਼ਕਾਂ ਦੀ

ਇਹ ਨਾ ਸਮਝਣਾ ਕਿ ਕੋਈ ਮਾਣ ਨਹੀਂ ਤਾਣ ਨਹੀਂ 
ਅੰਦਰ ਹੈ ਝਾਤ ਕੋਈ ਅਗਿਆਤ ਕੋਈ ਆਸ਼ਕਾਂ ਦੀ

ਮਿੱਥੇ ਸਮੇਂ ਦੇ ਪਾਬੰਦ ਨਹੀਂ ਬੰਦ ਨਹੀਂ ਕੰਧ ਨਹੀਂ
ਅਸਮਾਨ ਜਿਹੀ ਖੁਲ ਕੋਈ ਭੁੱਲ ਕੋਈ ਆਸ਼ਕਾਂ ਦੀ

ਇਸ ਤਰ੍ਹਾਂ ਜਾਣੀਏ ਮਾਣੀਏ ਮੌਜ ਫਕੀਰਾਂ ਵਾਂਗਰਾ
ਫੌਜ ਰਿਸ਼ਮਾਂ ਦੀ ਨਾਦ ਦੀ ਆਦਿ ਦੀ ਲਾੜੀ ਕੋਈ ਆਸ਼ਕਾਂ ਦੀ

ਇਸ ਮਨ ਨੂੰ ਜਰ੍ਹਾ ਕਹੋ ਭਟਕੇ ਨਾ ਟਿੱਕ ਜਾਵੇ ਬੈਠ ਜਾਵੇ
ਹਾਰ ਜਾਣਾ ਵਾਰ ਜਾਣਾ ਤਾਰ ਜਾਣਾ ਜਾਚ ਕੋਈ ਆਸ਼ਕਾਂ ਦੀ

ਕਿੰਝ ਕਹਾਂ ਚੁੱਪ ਵੱਡੜੀ ਬੋਲ ਛੋਟਾ ਨਾਂਹ ਵੱਡੜੀ ਕੌਲ ਛੋਟਾ
ਹੈ ਸਮਤੋਲ ਕੋਈ ਉੱਚਾ ਮੋਲ ਕੋਈ ਧੁਰੋਂ ਆਈ ਗੂੰਜ ਕੋਈ ਆਸ਼ਕਾਂ ਦੀ

ਲਿਖਾਂ ਤੇ ਲਿਖੀ ਜਾਵਾਂ ਵਾਹੀ ਜਾਵਾਂ ਨਕਸ਼ ਅਣਦਿਸਦੇ ਦੇ
ਫ਼ੇਰ ਫ਼ੇਰ ਮੇਟ ਦੇਵਾਂ ਵੇਟ ਦੇਵਾਂ ਅਜਬ ਜਿਹੀ ਅਦਾ ਕੋਈ ਆਸ਼ਕਾਂ ਦੀ

ਇਹ ਸੰਭਲਣਾ ਕੀ ਏ ਰੁਕਣਾ ਕੀ ਤੁਰਨਾ ਕੀ ਏ ਮੁੜਨਾ ਕੀ ਏ 
ਸਮੇਂ ਜਿਹੀ ਚਾਲ ਹੈ ਦੁੱਖਾਂ ਦੀ ਢਾਲ ਹੈ ਕਮਾਲ ਹੈ ਕੋਈ ਆਸ਼ਕਾਂ ਦੀ

ਬਸ ਕਰਾ ਕਿਸ ਲਈ, ਦੱਸਾਂ ਕਿਸ ਨੂੰ, ਕੌਣ ਰੋਕ ਲਵੇ
ਇਕੱਲੇ ਨੇ ਅੱਲੇ ਨੇ ਇਕ ਵੱਲੇ ਨੇ ਕੋਈ ਹੀ ਝੱਲਦਾ ਝਾਲ ਆਸ਼ਕਾਂ ਦੀ

16/02/2025

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ ।
ਰਿਸ਼ਤਿਆਂ ਦੀ ਭੀੜ 'ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ ।

ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ,
ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ ।

ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ,
ਤੇਰੇ ਆਂਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ ।

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ 'ਚੋਂ,
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ ।

ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ,
ਜਦ ਤਿਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ ।

ਜ਼ਿੰਦਗੀ ਦੇ ਹਰ ਪੜਾ, ਹਰ ਮੋੜ 'ਤੇ ਹਰ ਪੈਰ 'ਤੇ,
ਜਦ ਉਦਾਸੀ ਵਿਚ ਕਦੇ ਵੀ ਦਿਨ ਧੁਖੇ ਤਾਂ ਖ਼ਤ ਲਿਖੀਂ ।

ਮਹਿਫ਼ਲਾਂ ਵਿੱਚ, ਚਾਰ ਯਾਰੀ ਵਿੱਚ, ਕਿਸੇ ਉਤਸਵ 'ਚ ਵੀ,
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ ।

ਸ਼ਹਿਰ, ਪਰਬਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ,
ਕਿਸ ਤਰ੍ਹਾਂ ਲੱਗੇ, ਜੇ ਹੁਣ ਗੁਜ਼ਰੇ ਕਦੇ ਤਾਂ ਖ਼ਤ ਲਿਖੀਂ ।

ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ,
ਸਹਿ-ਸੁਭਾ ਵੀ ਪਰ ਕਦੇ ਜੇ ਅੱਖ ਭਰੇ ਤਾਂ ਖ਼ਤ ਲਿਖੀਂ ।

ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆਂ ਸੀ ਕਦੇ,
ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ ।

ਡਾ. ਜਗਤਾਰ

Website