Road Wave Transport
Transportation Service Canada Usa
01/11/2023
ਸ਼ਹਿਰ ਹਾਲੇ ਨੀਂਦ ਤੋਂ ਜਾਗਿਆ ਨੀ ਹੁੰਦਾ ' ਪਹਿਰ ਦਾ ਤੜਕਾ ਕਹਿ ਲੀਏ ਸੁੰਨੀਆਂ ਸੜਕਾਂ ਸੁੰਨੀਆਂ ਗਲੀਆਂ ਸੁੰਨੇ ਚੌਰਾਹਿਆਂ ਤੇ ਰਾਤ ਦੀ ਤਾਜ਼ੀ ਹੋਈ ਬਰਫ਼ਬਾਰੀ ਪਾਸਿਓਂ ਉੱਡ ਕੇ ਆਈ' ਦਿਨੇ ਚਲਦੇ ਟ੍ਰੈਫਿਕ ਨੇ ਮਿੱਧ ਕੇ ਮੁੱਤਰਾਲ ਬਣਾਈ ਬਰਫ ਨੂੰ ਸਾਫ ਕਰਦਾ ਬੁਲਡੋਜ਼ਰਨੁਮਾ ਟਰੱਕ ਜਿਹੜਾ ਮੂਹਰੇ ਲੱਗੇ ਕਰਾਹੇ ਨਾਲ ਬਰਫ਼ ਰਾਹ ਦੇ ਇੱਕ ਪਾਸੇ ਸਿੱਟਦਾ ਜਾਦਾਂ ਤੇ ਮਗਰਲੇ ਪਾਸੇ ਬਿਜਾਈ ਮਸ਼ੀਨ ਦੇ ਪੋਰ ਚੋਂ ਕਿਰਦੇ ਦਾਣਿਆਂ ਵਾਂਗੂ ਨੂਣ ਕੇਰਦਾ ਜਾਂਦਾ ਇਹਦੇ ਤੇ ਲੱਗੀਆਂ ਚਮਕਦਾਰ ਨੀਲੀਆਂ ਸੰਤਰੀ ਬੱਤੀਆਂ ਕਰਕੇ ਆਪਣੇ ਮੁੰਡਿਆਂ ਨੇ ਮੋਹ ਨਾਲ ਇਹਨਾਂ ਦਾ ਨਾ ਆਂਟੀ ਰੱਖਿਆ ਹੋਇਆ .... ਬਰਫ਼ਬਾਰੀ ਦੌਰਾਨ ਕੰਮ ਕਰਦੀਆਂ ਆਂਟੀਆਂ ਨੂੰ ਟਰੈਫਿਕ ਨਿਯਮਾਂ ਦੇ ਬੰਨਣ ਤੋਂ ਛੋਟ ਹੁੰਦੀ ਹੈ ... ... ਸ਼ਹਿਰ ਆਕੜਾਂ ਭੰਨਦਾ ਅਲਸਾਈ ਤੋਰ ਤੁਰਨ ਲਗਦਾ ਸਭ ਤੋਂ ਪਹਿਲਾਂ ਟਰੱਕਾਂ ਆਲੇ ਸੱਜਣ ਹੱਥਲ ਸਾਨ੍ਹ ਵਾਂਗੂ ਅਣਮੰਨੇ ਮਨ ਨਾਲ ਟਰੱਕਾਂ ਤੇ ਚੜਦੇ ਨੇ ... ਠੰਡਾ ਇੰਜਣ ਤੇਈਏ ਤਾਪ ਦੇ ਮਰੀਜ਼ ਵਾਂਗੂ ਕਿੰਨਾ ਚਿਰ ਕੰਬਦਾ ਰਹਿੰਦਾ .. ਗਿੱਲੇ ਬਾਲਣ ਦੀ ਅੱਗ ਵਾਂਗੂ ਹੌਲੀ ਹੌਲੀ ਸੇਕਾ ਫੜਦਾ ... ਲੋਕਲ ਡਰਾਈਵਰ ਡਿਸਪੈਚਰਾਂ ਦੇ ਸਰਵਣ ਪੁੱਤ ਬਣ ਹਰੀਆਂ ਸੰਤਰੀ ਲਾਲ ਬੱਤੀਆਂ ਦੇ ਇਸ਼ਾਰਿਆਂ ਤੇ ਨੱਚਣ ਲਗਦੇ ਨੇ ... ਤੇ ਲੰਬੇ ਰੂਟਾਂ ਆਲੇ ਕੂਹਣੀ ਜਿੰਨੇ ਲੰਮੇ ਗੱਤੇ ਦੇ ਗਲਾਸਾਂ ਨੂੰ ਜਿੰਨਾ ਚ' ਲੱਛੇ ਚਮਿਆਰ ਦੇ ਕੌਲੇ ਜਿੰਨਾ ਤਰਲ ਪਦਾਰਥ ਪੈਂਦਾ ' ਕੱਚੀ ਲੱਸੀ ਵਰਗੀ ਚਾਹ ਕੌਫ਼ੀ ਨਾਲ ਭਰ ਲੈਂਦੇ ਆ ਫ਼ੇਰ ਸਿਆਲਾਂ ਚ ਨਿਰੀ ਬਰਸੀਮ ਨਾਲ਼ ਡੱਕੀ ਮਹਿਂ ਜਿੰਨਾ ਮੂਤਦੇ ਆ ..... .. ਸ਼ਹਿਰ ਨੀਂਦ ਦੀ ਬੁੱਕਲ ਤਹਿ ਮਾਰ ਕੇ ਪਾਸੇ ਰੱਖ ਦਿੰਦਾ ਦਿਨ ਜਿਓਂ ਜਿਓਂ ਭਖਦਾ ਕਾਰਾਂ ਸੜਕਾਂ ਤੇ ਕੀੜੀਆਂ ਵਾਂਗੂ ਉੱਤਰ ਆਪਣੇ ਹਿੱਸੇ ਦੇ ਦਾਣੇ ਕੱਠੇ ਕਰਨ ਲੱਗਦੀਆਂ .... ਟਰੱਕ ਠਾਹਰਾਂ ਦੇ ਕਾਊਂਟਰਾਂ ਪਿੱਛੇ ਰੁਖਸਾਰਾਂ ਦੇ ਡਿਪਲ ਆਲ਼ੀਆਂ ਗੋਰੀਆਂ ਜਿੰਨ੍ਹਾ ਭੂਰੇ ਵਾਲਾਂ ਦਾ ਜੂੜਾ ਐਨ ਸਿਰ ਦੀ ਟੀਸੀ ਤੇ ਰੱਖ ਕੇ ਕੀਤਾ ਹੁੰਦਾ ਮੋਰਚੇ ਮੱਲ ਲੈਂਦੀਆਂ ਨੇ ... ਇਹਨਾਂ ਦਾ ਕੱਦ ਬੁੱਤ ਦੇਖਕੇ ਲੱਗਦਾ ਵੀ ਸੌਹਰੀਆਂ ਬੋਤੀ ਨੂੰ ਵੀ ਪੈਰਾਂ ਭਰ ਬਹਿ ਕੇ ਚੋਅ ਲੈਣ .... ਚਿਹਰਿਆਂ ਤੇ ਸਜਾਇਆ ਵਪਾਰਕ ਹਾਸਾ ਦੇਖਕੇ ਕਾਰੀਗਰ ਬੰਦਾ ਟਪਲਾ ਖਾ ਜੇ ਵੀ ਬੱਸ ਮੇਰੇ ਈ ਗਲ਼ ਚ ਜੈ ਮਾਲਾ ਪੈਣ ਲੱਗੀ ਆ ... ... ਕੈਨੇਡਾ ਤੇ ਥੱਲੇ ਨਾਲ਼ ਲਗਦੇ ਅਮਰੀਕੀ ਸੂਬਿਆਂ ਦਾ ਬਾਣੀਏ ਦੀ ਵਿਆਜ ਲਾ ਲਾ ਕੇ ਵਧਾਈ ਰਕਮ ਜਿੰਨ੍ਹਾਂ ਲੰਮਾ ਸਿਆਲ ਭਿਆਂ ਕਰਾ ਦਿੰਦਾ ਮੁੱਕਣ ਦਾ ਨਾ ਈ ਨੀ ਲੈਂਦਾ ... ਲੰਬੇ ਰੂਟ ਆਲੇ ਡ੍ਰਾਇਵਰਾਂ ਨੂੰ ਸਾਫ਼ ਸੜਕ ਦਸਹਿਰੇ ਆਲੇ ਦਿਨ ਤੇ ਗਰੜਫੰਗ ਦਿਸਣ ਵਾਂਗੂ ਕਦੇ ਈ ਦਿਸਦੀ ਆ ... ਲਾਲ ਨੀਲੇ ਡਿੱਪਰ ਮਾਰਦੀਆਂ ਐਂਟੀਆਂ ਈ ਸੜਕਾਂ ਦੀਆਂ ਮੇਲਣਾ ਬਣੀਆਂ ਹੁੰਦੀਆਂ ... ਰਾਤ ਦੇ ਖੈਤਾਨਾ ਚ ਡਿੱਗੇ ਟਰੱਕ ਕਾਰਾਂ ਨੂੰ ਦੇਖ ਕੇ ਮਾਂਵਾਂ ਦੇ ਛਿੰਦੇ ਗਿੱਟੇ ਲਿਬੇੜ ਜਾਂਦੇ ਆ .... ਨੇੜੇ ਹੋ ਕੇ ਦੇਖਿਆ ਬੰਦੇ ਨੂੰ ਆਬਦੇ ਹੱਡ ਗੋਡਿਆਂ ਨਾਲੋਂ ਵੱਧ ਫ਼ਿਕਰ ਓਸ ਖਰਚੇ ਦਾ ਹੁੰਦਾ ਜਿਹੜਾ ਡਿੱਚ ਚੋਂ ਬਾਹਰ ਕੱਢਣ ਤੇ ਆਉਦਾ ਤੇ ਮੁਰੰਮਤ ਹੋ ਕੇ ਟਰੱਕ ਮੁੜਨ ਤੱਕ ਕੰਮ ਛੁੱਟਦਾ ਦਿਨ ਮਰਦੇ ਆ ' ਐਨਾ ਦੁੱਖੀ ਤਾਂ ਅੱਗ ਨਾਲ ਮੱਚ ਕੇ ਸੁਆਹ ਹੋਈ ਕਣਕ ਦੇਖ ਕੇ ਜੱਟ ਨੀ ਹੁੰਦਾ ਉਹ ਵੀ ਚੌਹੀਂ ਪੰਜੀ ਦਿਨੀ ਨੁਕਸਾਨ ਭੁੱਲ ਅਗਲੀ ਫ਼ਸਲ ਦੀ ਤਿਆਰੀ ਚ ' ਲੱਗ ਜਾਂਦਾ ..... ਇੱਧਰ ਟੁੱਟਦੀਆਂ ਕਿਸਤਾਂ ਉਮਰਾਂ ਦੇ ਰੋਗ ਲਾ ਦਿੰਦੀਆਂ ... .. ਟਰੱਕਿੰਗ ਚ ਜਦੋ ਕੰਮ ਜੋਰਾਂ ਤੇ ਹੁੰਦਾ ਫੇਰ ਆਉਂਦੇ ਜਾਂਦੇ ਗਿੱਧਾ ਈ ਪੈਂਦਾ ਚੱਕ ਲੋ ਧਰ ਹੁੰਦੀ ਆ ... Shipper ਦੀ ਡੌਕ ਤੇ ਬੈਕ ਲਾ ਕੇ ਖੜਾ ਡਰਾਈਵਰ ਲਾਲ ਤੋਂ ਹਰੀ ਬੱਤੀ ਹੋਣ ਦੀ ਉਡੀਕ ਚ' ਐਂ ਸਿਸਤ ਬੰਨੀ ਬੈਠਾ ਹੁੰਦਾ ਜਿਵੇ ਬਿੱਲੇਮਾਰ ਕਿਸੇ ਖੱਡ ਚ ਸਮੱਧਰ ਜੀ ਕੁੱਤੀ ਬਾੜ ਕੇ ਬਾਹਰ ਟੰਬਾ ਧਲੀਰ ਕੇ ਖੜੇ ਹੁੰਦੇ ਆ ਵੀ ਕੁਸ਼ ਆ ਜੇ ਬਾਹਰ ਸਿਰੀ ਕੁੱਟ ਦੇਣੀ ਆ ... ਜਦੋਂ ਕੰਮ ਘਟਿਆ ਹੁੰਦਾ ਵਾਜੇ ਵੱਜ ਚੁੱਕੇ ਹੁੰਦੇ ਆ ਫੇਰ ਡ੍ਰਾਈਵਰ ਲੋਡ ਮਗਰ ਐਂ ਫਿਰਦੇ ਹੁੰਦੇ ਆ ਜਿਵੇ ਬਹਾਰ ਉੱਠੀ ਆਲੀ ਕੁੱਤੀ ਮਗਰ ਕੁੱਤਿਆਂ ਦਾ ਵੱਗ ਫਿਰਦਾ ਹੁੰਦਾ ਦਾਅ ਤਾਂ ਇੱਕ ਦਾ ਲੱਗਦਾ ਬਾਕੀ ਤਾਂ ਜੁੱਤੀ ਘਸਾਉਣ ਆਲੇ ਈ ਹੁੰਦੇ ਆ ... ਅੱਠ ਆਲੀ ਪੁਕਾਰ ਫੇਰ ਬਾਰਾਂ ਆਲੀ ਫੇਰ ਦੋ ਆਲੀ ਪੁਕਾਰ ਸੁਣ ਕੇ ਵੀ ਖਾਲੀ ਬੰਦਾ ਚਿਤੜ ਝਾੜ ਕੇ ਮੁੜ ਆਉਂਦਾ ... ... ਸ਼ਹਿਰ ਫੇਰ ਉਘਣ ਲਗਦਾ ਦਿਨ ਦੀ ਟੁੱਟ ਭੱਜ ਦਾ ਭੰਨਿਆ .... ਛੋਟੇ ਛੋਟੇ ਦਿਨਾ ਚ ਦਿਨ ਦੀਵੀ ਹਨੇਰਾ ਪੈ ਜਾਂਦਾ ..... ਪੰਛੀ ,ਪੰਖੇਰੂ ,ਕਾਮੇ ,ਰਾਹੀਂ ਪਾਂਧੀ ,ਦਫ਼ਤਰੀ ਬਾਬੂ ,ਬੰਦੇ ਬੁੜੀਆਂ ,ਬੱਚੇ ' ਦੀਵਾ ਬੱਤੀ ਬਲਦੇ ਈ ਘਰਾਂ ਨੂੰ ਪਰਤਣ ਲੱਗਦੇ ਨੇ ... ਟਰੱਕਾਂ ਆਲ਼ੇ ਜਿੰਨਾ ਦੀ ਉਡੀਕ ਮਤਰੇਏ ਪੁੱਤਾਂ ਵਾਂਗੂ ਕਿਸੇ ਨੂੰ ਨਹੀਂ ਹੁੰਦੀ ਕਿਸੇ ਲਾਹੇ ਮਾਲ ਦੀ ਗਿਣਤੀ ਕਰਾਉਦੇ ਜਾਂ ਲਦਾਏ ਮਾਲ ਦਾ ਕਾਗਜ਼ ਪੱਤਰ ਤਿਆਰ ਕਰਾਉਦੇ ELD* ਦੇ ਮੂੰਹ ਕੰਨੀ ਦੇਖਦੇ ਆ ਜਿਵੇ ਲੰਝੇ ਡੰਗ ਪਈ ਮੱਝ ਹੇਠਾਂ ਬਹਿ ਕੇ ਛਿੱਟੇ ਮਾਰਦੇ ਹੋਣ ਵੀ ਤੜਕੇ ਦੀ ਚਾਹ ਜੋਗਾ ਲਾਹ ਕੇਰਾਂ ਬਾਕੀ ਫੇਰ ਦੇਖੀ ਜਾਊ .... ਦਿਨ ਦੀ ਬਾਕੀ ਬਚਦੀ ਚਲਾਈ ਦੇ ਘੰਟਿਆਂ ਦਾ ਗੁਣਾਂ ਘਟਾਓ ਕਰ ਨਤੀਜਾ ਨਿਕਲਦਾ ' ਆ ਅੱਜ ਤਾਂ ਨੀ ਅੱਪੜਿਆ ਜਾਣਾ ਕੱਲ ਨੂੰ ਨੀ ਅੜਕਦੇ ' ਐਨਾ ਸੋਚ ਕੇ ਰਾਤ ਕੱਟਣ ਲਈ ਠੋਹੀ ਦੀ ਭਾਲ ਚ ਟਰੱਕ ਕਿਸੇ ਕੰਮ ਤੇ ਲੱਗੀ ਆਂਟੀ ਦੀ ਲੀਹ ਚ ਲੀਹ ਪਾਉਂਦਾ ਵਾਟ ਨੇੜੇ ਕਰਨ ਲਗਦਾ ..... (ELD = electronic logging device )
[ਚਲਦਾ]
*** ਗੁਰਸ਼ਰਨ ਸਿੰਘ ਸਿੱਧੂ ***
07/17/2022
#ਟਰੱਕਾਂ_ਵਾਲੇ_ਪਾਰਟ2
ਨਾਮ ਤਾਂ ਉਸਦਾ ' ਬਖਸ਼ੀਸ਼ ਸਿੰਘ " ਸੀ ਪਰ ਡਰਾਈਵਰੀ ਦੀ ਲਾਈਨ 'ਚ ਸਾਰੇ ਉਸਨੂੰ ' ਬਾਸ਼ਾ " ਹੀ ਕਹਿੰਦੇ ਸੀ..! ਪੂਰਾ ਚੰਟ ਡਰਾਈਵਰ ਤੇ ਸਕੀਮੀ..! ਕੇਰਾਂ ਬਾਸ਼ਾ ਟਰੱਕ ਲੈਕੇ ਕਲਕੱਤੇ ਨੂੰ ਜਾ ਰਿਹਾ ਸੀ ਤਾਂ ਰਾਸਤੇ 'ਚ ਬਿਹਾਰ ਕੋਈ ਵੱਡਾ ਅਫ਼ਸਰ ਟਰੱਕਾਂ ਨੂੰ ਘੇਰੀ ਖੜ੍ਹਾ..! ਚਾਲੀ-ਪੰਜਾਹ ਟਰੱਕ ਸਾਈਡ ਤੇ ਲੁਆਏ..! ਪਹਿਲਾਂ ਬਾਸ਼ੇ ਨੇ ਵੀ ਮਗਰੇ ਲਾਈਨ ਦੇ ਟਰੱਕ ਲਾ ਲਿਆ ਪਰ ਸ਼ੈਤਾਨ ਦਿਮਾਗ ਕਿੱਥੇ ਟਿਕਣ ਦੇਵੇ..! ਇੱਕ-ਇੱਕ ਕਰਕੇ ਸਾਰੇ ਕੱਪੜੇ ਲਾਹੇ ਤੇ ਅਲਫ਼ ਨੰਗਾਂ ਹੋਕੇ ਉਹਨੇ ਟਰੱਕ ਖਿੱਚਤਾ ਟਰੱਕਾਂ ਦੀ ਲੱਗੀ ਕਤਾਰ ਦੇ ਸੱਜੇ ਪਾਸੇ ਦੀ..!
---ਅੱਗੇ ਪਤੰਦਰ ਖੜੈ..! ਕਈਆਂ ਨੇ ਬਾਸ਼ੇ ਨੂੰ ਖਬਰਦਾਰ ਕੀਤਾ..!
ਬਾਸ਼ਾ ਲਾਪਰਵਾਹੀ ਨਾਲ ਤੁਰਿਆ ਗਿਆ..! ਹੁੱਡ ਤੇ ਬੈਠੇ ਉਹਦਾ ਕਲੀਂਡਰ ਤੇ ਟਰੱਕ ਸਿੱਖਣ ਆਇਆ ਪੇਂਡੂ
( ਜੋ ਪਹਿਲਾਂ ਹੀ ਉੱਪਰ ਚੜ੍ਹਾ ਦਿੱਤੇ ਸੀ ਪਤੰਦਰ ਨੇ ) ਵੀ ਸੋਚਣ ਕੀ ਜਦ ਸਾਰੇ ਟਰੱਕਾਂ ਵਾਲੇ ਖੜ੍ਹੇ ਨੇ ਫਿਰ ਇਹਦੇ ਕੀ ਭੂਤ ਸਵਾਰ ਹੋ ਗਿਆ..!
ਕੁਝ ਡਰਾਈਵਰ ਬਾਸ਼ੇ ਦੀ ਹੁੰਦੀ ਲਾਹ-ਪਾਹ ਵੇਖਣ ਲਈ ਗੱਡੀ ਦੇ ਮਗਰੇ ਹੋ ਤੁਰੇ..!
ਓਵਰ-ਟੇਕ ਕਰਕੇ ਆਉਦੀਂ ਤੁਰੀ ਗੱਡੀ ਨੂੰ ਰੋਕਣ ਲਈ ਸਿਪਾਹੀ ਨੇ ਮੂਹਰੇ ਹੋਕੇ ਡੰਡੇ ਦੇ ਇਸ਼ਾਰੇ ਨਾਲ ਸਾਈਡ ਤੇੇ ਲਾਓਣ ਲਈ ਇਸ਼ਾਰਾ ਕੀਤਾ..!
---ਹਮ ਠੀਕ ਨਹੀ ਹੈ..!" ਬਾਸ਼ੇ ਨੇ ਬਿਨਾਂ ਕਲੱਚ ਬਰੇਕ ਨੱਪੇ ਹੌਲੀ ਤੁਰੀ ਜਾਂਦੀ ਗੱਡੀ ਦੀ ਬਾਰੀ ਵਿੱਚੋਂ ਸਿਪਾਹੀ ਨੂੰ ਆਖਿਆ..!
---ਹਮ ਬੋਲਾ ਗਾੜੀ ਰੋਕੋ..!" ਸਿਪਾਹੀ ਹਰਖਿਆ..!
---ਅਰੇ ਹੌਲਦਾਰ ਜੀ ਹਮ ਠੀਕ ਨਹੀ ਹੈਂ..!" ਬਾਸ਼ੇ ਨੇ ਭੋਲ੍ਹਾ ਜੇਹਾ ਮੂੰਹ ਬਣਾਕੇਂ ਕਿਹਾ..!
---ਕਾ ਠੀਕ ਨਹੀ ਸਾਲਾ , ਨੀਚੇਂ ਉਤਰੋ..!" ਸਿਪਾਹੀ ਨੇ ਰੋਹਬ ਝਾੜੇਆ..!
---ਅਰੇ ਗਾਲੀ ਨਹੀ ਦੇਨਾਂ..! ਬੋਲ ਦੀਆ..!" ਬਾਸ਼ੇ ਨੇ ਅੱਖਾਂ ਵਿਖਾਈਆਂ..!
---ਨੀਚੇ ਉਤਰੋ..!"
---ਬੋਲਾ ਹਮ ਠੀਕ ਨਹੀਹੈ..!"
ਰੌਲ੍ਹਾ ਪੈ ਗਿਆ..! ਕੁਝ ਡਰਾਈਵਰ ਹੋਰ ਇਕੱਠੇ ਹੋ ਗਏ..!
ਟਰਾਂਸਪੋਰਟ ਅਫ਼ਸਰ ਵੀ ਆ ਗਿਆ..!
---ਅਰੇ ਕਿਆ ਬਾਤ ਹੈ..?" ਇਕੱਠ ਵੇਖਕੇ ਅਫ਼ਸਰ ਨੇ ਪੁੱਛਿਆ..!
---ਯੇਹ ਗਾੜੀ ਨਹੀ ਰੋਕਤਾ , ਨੀਚੇ ਉਤਰਨੇ ਕੋ ਬੋਲਾ ਨੀਚੇ ਨਹੀ ਉਤਰਤਾ..!" ਸਿਪਾਹੀ ਬੋਲਿਆ..!
---ਕਾਗਜ਼ ਨਿਕਾਲੋ..!" ਅਫ਼ਸਰ ਨੇ ਬਾਸ਼ੇ ਵੱਲ ਵੇਖਕੇ ਕਿਹਾ..!
---ਸਾਹਬ ਜੀ , ਹਮ ਠੀਕ ਨਹੀ ਹੈ..!" ਬਾਸ਼ੇ ਨੇ ਹੱਥ ਜੋੜੇ..!
---ਅਰੇ ਕਿਆ ਠੀਕ ਨਹੀ ਹੈ..?" ਅਫ਼ਸਰ ਨੇ ਬਾਰੀ ਨੂੰ ਹੱਥ ਪਾ ਲਿਆ..!
---ਸਾਹਬ ਜੀ ਖਿੜਕੀ ਨਹੀ ਖ੍ਹੋਲਣਾਂ ਜੀ , ਬੋਲਾ ਨਾ ਹਮ ਠੀਕ ਨਹੀ ਹੈ..!" ਬਾਸ਼ੇ ਨੇ ਰੋਣ ਵਰਗਾ ਮੂੰਹ ਬਣਾਂ ਲਿਆ..!
---ਨੀਚੇ ਉੱਤਰ ਸਾਲਾ..!" ਆਖਦਿਆ ਅਫ਼ਸਰ ਨੇ ਖਿੜਕੀ ਖ੍ਹੋਲੀ ਤਾਂ ਬਾਸ਼ੇ ਨੂੰ ਅਲਫ਼ ਨੰਗਾਂ ਬੈਠਾ ਵੇਖਕੇ
---'ਫੜਾਕ' ਦੇਣੇ ਫਿਰ ਬੰਦ ਕਰ ਦਿੱਤੀ..!
---ਤੁਮ ਸਾਲਾ..!" ਅਫ਼ਸਰ ਕੁਝ ਕਹਿ ਨਾ ਸਕਿਆ..!"
---ਪੀਛੇ ਸਭ ਕਪੜਾ ਚੋਰੀ ਹੋ ਗਿਆ ਜੀ , ਕਿਆ ਕਰੂ ਜੀ..!" ਬਾਸ਼ੇ ਨੇ ਫਿਰ ਹੱਥ ਜੋੜੇ..!
---ਬਾਗ ਸਾਲਾ..!" ਅਫ਼ਸਰ ਨੇ ਟਾਇਰ ਤੇ ਠੁੱਡਾ ਮਾਰਦਿਆ ਅਖੇਆ..!
ਬਾਸ਼ੇ ਨੇ ਗੇਅਰ ਲਾਇਆ ਤੇ ਪਰੇ ਹੁੰਦੇਂ ਸਾਰ ਚੀਕ ਮਾਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ..!
ਡਰਾਈਵਰਾਂ ਦੀ ਭੀੜ੍ਹ ਤਾੜ੍ਹੀਆਂ ਮਾਰਕੇ ਹੱਸ ਪਈ ਤੇ ਕਈਆਂ ਨੇ ਕਿਹਾ ---ਔਹ ਗਿਆ ---ਔਹ ਗਿਆ..!"
---ਬੜੀ ਕੁੱਤੀ ਸ਼ੈਅ ਆ ਬਾਸ਼ਾ..!" ਇੱਕ ਹੋਰ ਬੋਲਿਆ..!
ਬਾਸ਼ਾ ਪਲ ਪਲ ਦੂਰ ਹੁੰਦਾਂ ਜਾ ਰਿਹਾ ਸੀ..!
ਬਲਦੇਵ ਸਿੰਘ ਸੜਕਨਾਮਾ ਦੀ ਕਿਤਾਬ G.T ROAD ਵਿੱਚੋਂ
07/13/2022
ਇੰਡੀਆ ਦੀ ਟਰੱਕਿੰਗ ਦੇ ਰੰਗਲੇ ਦਿਨ ਤੇ ਯਾਦਾ
ਰਾਜਸਥਾਨ ਦੇ ਟਿੱਬਿਆਂ (ਬੀਕਾਨੇਰ ਤੋਂ ਪੋਖਰਨ ਬਾੜਮੇਰ ਵੱਲ) ਚ ਦੂਰ ਛਿਪਦਾ ਲਾਲੀ ਬਖੇਰਦਾ ਸੂਰਜ ਵੱਖਰੀ ਹੀ ਦਿਲ ਟੁੰਬਵੀ ਕਲਾਅਕ੍ਰਿਤੀ ਬਣਾਉਂਦਾ ਆਪਣੇ ਆਖਰੀ ਪੰਧ ਵੱਲ ਜਾਂਦਾ ਨਜ਼ਾਰਾ ਪੇਸ਼ ਕਰਦਾ ਹੁੰਦਾ
ਤੰਦੂਰ ਜਿਸਨੇ ਸਾਰੀ ਰਾਤ ਕਿੰਨਿਆਂ ਹੀ ਸੜਕਾਂ ਦੇ ਰਾਹੀਆਂ ਦੇ ਢਿੱਡ ਭਰਨ ਲਈ ਤਿਆਰ ਹੋਣਾ, ਉਸ ਵਿੱਚ ਲੱਕੜਾਂ ਲਟ ਲਟ ਬਲ ਰਹੀਆਂ ਹੁੰਦੀਆਂ , ਢਾਬੇ ਵਾਲਾ ਮਾਲਕ ਸੰਧਿਆਂ ਵੇਲੇ ਦੀ ਧੂਫ ਬੱਤੀ ਲਾ ਰਿਹਾ ਹੁੰਦਾ ,
ਜਿਹੜੇ ਸਵੇਰ ਦਾ ਕੰਟਰੀ ਦਾ ਪਊਆ ਲਾਕੇ ਪਏ ਹੁੰਦੇ ਨੇ ਉਹ ਸਾਬਣ ਤੇ ਟੁੱਥ ਬਰੱਸ਼ ਵਾਲਾ ਡੱਬਾ ਚੱਕ ਹੌਦੀ ਵੱਲ ਨੂੰ ਚਾਲੇ ਪਾ ਰਹੇ ਹੁੰਦੇ ਨੇ
ਕਿਉਂਕਿ ਦਿਨੇ ਗਰਮੀ ਤੇ ਪੁਲਿਸ ਦੇ ਖ਼ਰਚੇ ਤੁਰਨ ਨੀ ਦਿੰਦੇ , ਏਸੇ ਕਰਕੇ ਰਾਤਾ ਨੂੰ ਟਾਇਰ ਦੋ ਮੀਲਾਂ ਤੱਕ ਗੂੰਜਦੇ ਸੁਣਦੇ ਹੁੰਦੇ ਨੇ,
ਸੰਧਿਆ ਵੇਲੇ ਆਕੇ ਰੁਕਦੇ ਟਰੱਕਾ ਦੇ ਲੈਦਰਾ ਵਿਚੋ ਨਿਕਲਦੀਆਂ ਚੀਕਾਂ ਮੰਤਰ ਮੁਗਧ ਕਰ ਰਹੀਆਂ ਹੁਦੀਆ,
ਦਿਨੇ ਗੱਡੀ ਚਲਾ ਥੱਕ ਕੇ ਰਬੜ ਦੇ ਬੁਣੇ ਮੰਜੇ ਤੇ ਫੱਟੇ ਦਾ ਸਰਹਾਣਾ ਲਾ ਲੱਕ ਸਿੱਧਾ ਕਰ ਜਿਹੜਾ ਸਵਰਗ ਦਾ ਅਹਿਸਾਸ ਹੁੰਦਾ ਬਿਆਨ ਕਰਨਾ ਮੁਸ਼ਕਿਲ ਏ,
ਸੈਕੰਡ ਡਰਾਇਵਰ ਜਾ ਨਵੇਂ ਸਿੱਖਾਂਦਰੂ ਜਿੰਨਾ ਨੇ ਟਰੱਕ ਤੇ ਰਾਤ ਲਾਉਣੀ ਹੁੰਦੀ , ਅਖਬਾਰ ਨਾਲ ਸੀਸੇ ਸਾਫ ਕਰ ਰਹੇ ਹੁੰਦੇ , ਸ਼ੀਸ਼ਾ ਸਾਫ ਕਰਨ ਨੂੰ ਸ਼ੀਸ਼ਾ ਬਣਾਉਣਾ ਕਹਿੰਦੇ ,
ਹਰ ਗੱਡੀ ਦੇ ਕੈਬਿਨ ਚ ਲਾਲ ਪੀਲੀਆ ਲਾਈਟਾਂ ਬਲ ਰਹੀਆਂ ਹੁੰਦੀਆਂ, ਸਵੇਰੇ ਸ਼ਾਮ ਲਾਈਟਾਂ ਜਗਾਉਣ ਨੂੰ ਜੋਤ ਜਗਾਉਣ ਬਰਾਬਰ ਸਮਝਿਆਂ ਜਾਂਦਾ , ਕਲੀਡਰ ਜਾ ਸੈਕੰਡ ਡਰਾਇਵਰ ਸਿਰ ਤੇ ਪਰਨਾ ਰੱਖ ਸੰਧਿਆਂ ਵੇਲੇ ਦੀ ਅਗਰਬੱਤੀ ਲਾ ਰਹੇ ਹੁੰਦੇ , ਕਿਸੇ ਕਿਸੇ ਗੱਡੀ ਚ ਰਹਿਰਾਸ ਦਾ ਪਾਠ ਚਲ ਰਿਹਾ ਹੁੰਦਾ
ਦਿਨ ਦੇ ਛਪਾਅ ਨਾਲ ਸਾਰੇ ਟਰੱਕ ਢਾਬਿਆਂ ਤੇ ਆ ਬਰੇਕ ਖਿੱਚਦੇ ,
ਤੇ ਨਾਲਦੇ ਨੂੰ ਕਹਿਣਾ ਸ਼ੀਸੇ ਬਣਾ ਮੱਲਾ ਲਾਈਟਾਂ ਬਣੀਆਂ ਤੋਂ ਛੱਡਾਂਗੇ ਦਿਨ ਚੜਦੇ ਨੂੰ ਸੂਰਤਗੜ ਪਾਰ ਦੇਣਾ , ਗੱਡੀ ਤੋਰਨ ਨੂੰ ਗੱਡੀਆਂ ਛੱਡਣਾ ਕਹਿੰਦੇ ,
ਰਮਲਾ ਵੀ ਗੀਤ ਵਿੱਚ ਕਹਿੰਦਾ ਹੁੰਦਾ ਕਿ ਜੱਟ ਆਉਂਦਾ ਸੀ ਪਚਾਸੀਆ ਤੇ ਛੱਡੀ ਨੀ,
ਬਾਹਰਲੇ ਮੁਲਕਾ ਵਿੱਚ ਸਿਰਫ ਤਰਪਾਲਾ ਪਾਉਣ ਨੂੰ ਲੈਕੇ ਬਹਿਸਣ ਵਾਲ਼ਿਆਂ ਨੂੰ ਤਾਂ ਪਤਾ ਤੱਕ ਨੀ ਹੋਣਾ ਲਾਈਟਾਂ ਬਣਨਾ ਕਿਸਨੂੰ ਕਹਿੰਦੇ ਨੇ ?
ਏਨੇ ਨੂੰ ਹਨੇਰਾ ਚਾਰ ਚੁਫੇਰੇ ਪਸਰ ਜਾਂਦਾ ਹੈ, ਢਾਬੇ ਦੀਆ ਟਿਊਬਾਂ ਦੁਧੀਆ ਚਾਨਣ ਬਿਖੇਰਨਾ ਸ਼ੁਰੂ ਕਰ ਦਿੰਦੀਆਂ ।ਤੇ ਵਾਜਾ ਵੱਜਣ ਲੱਗਦੀਆਂ ਨੇ , ਲੈ ਬਈ ਆਰਡਰ, ਉਂਨਾਂ ਟੈਮ ਪਿਆਜ਼ ਤੇ ਕਵਾਟਰ ਫੜਾਜਾ, ਕਿਉਂਕਿ ਰਾਤ ਨੂੰ ਟਰੱਕ ਤਾਂ ਸੈਕੰਡ ਡਰੈਵਰ ਜਾ ਕਲੀਡਰ ਨੇ ਚਲਾਉਣਾ ਹੁੰਦਾ ਸੀ ਤੇ ਡਰਾਇਵਰ ਸਾਹਬ ਨੇ ਪਊਆ ਲਾ ਨੀਂਦ ਲਾਹ ਕੇ ਦਿਨੇ ਮੋਰਚਾ ਸਾਂਭਣਾ ਹੁੰਦਾ
ਰਾਤ ਲਾਉਣ ਵਾਲੇ ਵੀ ਔਸ਼ਧੀ ਵਾਲਾ ਲਿਫ਼ਾਫ਼ਾ ਖੋਲ ਕੈਮ ਹੋ ਰਹੇ ਹੁੰਦੇ ,ਤੇ ਕਿਸੇ ਨਵੇਂ ਆਏ ਨੂੰ ਸਿੱਖਿਆਵਾਂ ਦੇ ਰਹੇ ਹੁੰਦੇ , ਵਿੱਚ ਵਿੱਚ ਉਸਤਾਦ ਦੀ ਗਵਾਹੀ ਵੀ ਪਵਾਉਦੇ ਕਿਸੇ ਗੱਲ ਤੇ ਕਿਉਂ ਬਾਈ ਸਹੀ ਗੱਲ ਆ ਕਿ ਨਹੀ,
ਕੋਈ ਪਊਆ ਲਾ ਪਰਸ਼ਾਦਾ ਛਕ ਚੌਕੀਦਾਰ ਨੂੰ ਟਾਇਮ ਲਿਖਾਉਣ ਲੱਗਾ ਹੁੰਦਾ ਕਿ ਏਨੇ ਵਜੇ ਸਵੇਰੇ ਜਗਾੱ ਦੇਵੀ,
ਏਨੇ ਨੂੰ ਲਾਈਟਾਂ ਬਣ ਜਾਂਦੀਆਂ ਤੇ ਉਸਤਾਦ ਹੋਰੀ ਬਿੱਲ ਦੇ ਪਿਛਲੇ ਬੈਂਡ ਤੇ ਜਾ ਸਵਾਰ ਹੁੰਦੇ , ਤੇ ਰਾਤ ਵਾਲੇ ਕੈਮ ਹੋ ਕਲੱਚ ਬਰੇਕ ਪੈਂਡਲਾਂ ਨੂੰ ਮੱਥਾ ਟੇਕ ਸਟਾਰਟ ਦਾ ਬਟਨ ਦੱਬ ਦਿੰਦੇ ਨੇ
ਪਾਲਕੀ ਦੇ ਹੇਠ ਬਣੇ ਖੰਡੇ ਵਿੱਚ ਦੀ ਠੰਡੇ ਹੋਏ ਟਿੱਬਿਆਂ ਵਿੱਚ ਦੀ ਆਉਂਦੀ ਹਵਾ ਏ ਸੀ ਨੂੰ ਫੇਲ ਕਰਦੀ, ਸਾਰੀ ਰਾਤ ਭੌਰ ਟਾਹਲੀਆਂ ਦੇ ਪੱਤ ਝਾੜਦੇ , ਰਮਲੇ ਸਦੀਕ ਹੋਰੀ ਸਾਥਣਾਂ ਨਾਲ ਕਲੋਲਾਂ ਕਰਦੇ ਮੱਠੀ ਮੱਠੀ ਅਵਾਜ ਚ
ਬਾਹਰਲੇ ਮੁਲਕ ਵਿੱਚ ਟਰੱਕ ਤਾਂ ਬਹੁਤ ਸੋਹਣੇ ਤੇ ਲਗਜਰੀ ਨੇ, ਪਰ ਟਰੱਕਿੰਗ ਚ ਇਡੀਆ ਵਾਲੀ ਟਰੱਕਿੰਗ ਦਾ ਇਕ ਵੀ ਰੰਗ ਹੈਨੀ
ਬਸ ਇਹੋ ਦੁਆ ਕਿ ਬਾਬਾ ਜੀ ਕਿਸੇ ਡਰੈਵਰ ਨੂੰ ਤੱਤੀ ਵਾਹ ਨਾ ਲੱਗੇ ,
ਪਾਣੀ ਵਾਲੀ ਦੂਰ ਤੱਕ ਫੈਲੀ ਲੈਕ ਦੀ ਫੋਟੋ ਖਿੱਚਦੇ ਸਮੇਂ ਅੱਜ ਸੁਰਤ ਕਈ ਸਾਲ ਪਿੱਛੇ ਚਲੀ ਗਈ ਭਾਫ਼ ਫਲੌਦੀ ਕਲੈਤ ਫਾਂਟੇ ਵੱਲ 🥰
“ਬਰਾੜ
Click here to claim your Sponsored Listing.
Category
Website
Address
Calgary, AB